110
ਪਰਮੇਸ਼ੁਰ ਅਤੇ ਉਸ ਦਾ ਚੁਣਿਆ ਹੋਇਆ ਰਾਜਾ
ਦਾਊਦ ਦਾ ਭਜਨ
1 ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਹੱਥ ਬੈਠ
ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।
2 ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ,
ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।
3 ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ,
ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।
4 ਯਹੋਵਾਹ ਨੇ ਸਹੁੰ ਖਾਧੀ ਅਤੇ ਉਹ ਨਹੀਂ ਮੁੱਕਰੇਗਾ,
ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ।* 110:4 ਦੇਖੋ ਇਬਰਾਨੀਆਂ 5:6, 6:20, 7: 17,21
5 ਪ੍ਰਭੂ ਤੇਰੇ ਸੱਜੇ ਹੱਥ ਤੇ ਹੈ,
ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਵਿੰਨ੍ਹ ਸੁੱਟੇਗਾ,
6 ਉਹ ਕੌਮਾਂ ਵਿੱਚ ਨਿਆਂ ਕਰੇਗਾ, ਉਹ ਉਨ੍ਹਾਂ ਨੂੰ ਲੋਥਾਂ ਨਾਲ ਭਰ ਦੇਵੇਗਾ,
ਉਹ ਖੋਪੜੀਆਂ ਨੂੰ ਬਹੁਤਿਆਂ ਦੇਸਾਂ ਵਿੱਚ ਵਿੰਨ੍ਹ ਸੁੱਟੇਗਾ।
7 ਉਹ ਰਾਹ ਵਿੱਚ ਝਰਨੇ ਦੇ ਪਾਣੀ ਨੂੰ ਪੀਵੇਗਾ,
ਤਾਂ ਹੀ ਉਹ ਸਿਰ ਉੱਚਾ ਕਰੇਗਾ।