76
ਜੈਵੰਤ ਪਰਮੇਸ਼ੁਰ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਆਸਾਫ਼ ਦਾ ਭਜਨ, ਗੀਤ।
1 ਯਹੂਦਾਹ ਵਿੱਚ ਪਰਮੇਸ਼ੁਰ ਜਾਣਿਆ ਜਾਂਦਾ ਹੈ,
ਇਸਰਾਏਲ ਵਿੱਚ ਉਹ ਦਾ ਨਾਮ ਵੱਡਾ ਹੈ।
2 ਸ਼ਾਲੇਮ* 76:2 ਯਰੂਸ਼ਲਮ ਵਿੱਚ ਉਹ ਦਾ ਮੰਡਪ ਹੈ,
ਅਤੇ ਸੀਯੋਨ ਵਿੱਚ ਉਹ ਦਾ ਭਵਨ।
3 ਉੱਥੇ ਉਸ ਨੇ ਧਣੁੱਖ ਦੀਆਂ ਲਸ਼ਕਾਂ ਨੂੰ ਭੰਨ ਦਿੱਤਾ, ਨਾਲੇ ਢਾਲ਼,
ਤਲਵਾਰ ਤੇ ਲੜਾਈ ਦੇ ਸੰਦਾਂ ਨੂੰ। ਸਲਹ।
4 ਤੂੰ ਸ਼ਿਕਾਰ ਦੇ ਪਹਾੜਾਂ ਨਾਲੋਂ,
ਤੇਜਵਾਨ ਅਤੇ ਉੱਤਮ ਹੈਂ।
5 ਤਗੜੇ ਦਿਲ ਵਾਲੇ ਲੁੱਟੇ ਗਏ, ਓਹ ਆਪਣੀ ਨੀਂਦ ਵਿੱਚ ਪੈ ਗਏ ਹਨ,
ਅਤੇ ਸੂਰਬੀਰਾਂ ਵਿੱਚੋਂ ਕਿਸੇ ਦਾ ਹੱਥ ਨਾ ਚੱਲਿਆ।
6 ਹੇ ਯਾਕੂਬ ਦੇ ਪਰਮੇਸ਼ੁਰ,
ਤੇਰੇ ਦਬਕੇ ਨਾਲ, ਕੀ ਰਥ ਕੀ ਘੋੜਾ,
ਸੱਭੇ ਘੂਕ ਨੀਂਦ ਵਿੱਚ ਪੈ ਗਏ ਹਨ!
7 ਤੈਥੋਂ, ਹਾਂ, ਤੈਥੋਂ ਡਰਨਾ ਚਾਹੀਦਾ ਹੈ,
ਅਤੇ ਜਾਂ ਤੂੰ ਕ੍ਰੋਧ ਕਰੇਂ ਤਾਂ ਤੇਰੇ ਅੱਗੇ ਕੌਣ ਖਲੋ ਸਕੇ?
8 ਸਵਰਗੋਂ ਤੂੰ ਫੈਸਲਾ ਸੁਣਾ ਦਿੱਤਾ,
ਧਰਤੀ ਡਰ ਗਈ ਅਤੇ ਠਰ ਗਈ,
9 ਜਦ ਪਰਮੇਸ਼ੁਰ ਨਿਆਂ ਲਈ ਉੱਠਿਆ,
ਕਿ ਧਰਤੀ ਦੇ ਸਾਰੇ ਮਸਕੀਨਾਂ ਨੂੰ ਬਚਾਵੇ। ਸਲਹ।
10 ਸੱਚ-ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ,
ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ† 76:10 ਜੋ ਬਚ ਗਏ ਉਹ ਤੇਰੇ ਪਰਬ ਮਨਾਉਣਗੇ ।
11 ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸੁੱਖਣਾ ਸੁੱਖੋ ਅਤੇ ਪੂਰੀਆਂ ਵੀ ਕਰੋ,
ਜਿਹੜੇ ਉਸ ਦੇ ਆਲੇ-ਦੁਆਲੇ ਹਨ,
ਓਹ ਸੱਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾਂ ਲਿਆਉਣ।
12 ਉਹ ਪ੍ਰਧਾਨਾਂ ਦੀ ਦਿਲੇਰੀ ਨੂੰ ਮਿਟਾ ਦੇਵੇਗਾ,
ਉਹ ਧਰਤੀ ਦੇ ਰਾਜਿਆਂ ਦੇ ਲਈ ਭਿਆਨਕ ਹੈ।