14
ਕੋੜ੍ਹ ਦੇ ਰੋਗ ਤੋਂ ਸ਼ੁੱਧ ਠਹਿਰਾਇਆ ਜਾਣਾ
1 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 ਕੋੜ੍ਹੀ ਦੇ ਸ਼ੁੱਧ ਹੋਣ ਦੇ ਦਿਨ ਦੀ ਬਿਵਸਥਾ ਇਹ ਹੈ: ਉਹ ਜਾਜਕ ਕੋਲ ਲਿਆਇਆ ਜਾਵੇ 3 ਅਤੇ ਜਾਜਕ ਡੇਰੇ ਤੋਂ ਬਾਹਰ ਨਿੱਕਲੇ ਅਤੇ ਉਸ ਕੋੜ੍ਹੀ ਨੂੰ ਵੇਖੇ ਅਤੇ ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ, 4 ਤਦ ਜਾਜਕ ਉਸ ਨੂੰ ਜੋ ਚੰਗਾ ਹੋ ਗਿਆ ਹੈ ਆਗਿਆ ਦੇਵੇ ਕਿ ਉਹ ਦੋ ਜੀਉਂਦੇ ਅਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਿਆਵੇ, 5 ਅਤੇ ਜਾਜਕ ਇੱਕ ਪੰਛੀ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦੀ ਆਗਿਆ ਦੇਵੇ, 6 ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵੱਗਦੇ ਪਾਣੀ ਉੱਤੇ ਵੱਢਿਆ ਗਿਆ ਸੀ। 7 ਅਤੇ ਉਹ ਉਸ ਦੇ ਉੱਤੇ ਜੋ ਕੋੜ੍ਹ ਤੋਂ ਸ਼ੁੱਧ ਹੋਣ ਵਾਲਾ ਹੈ, ਸੱਤ ਵਾਰ ਛਿੜਕੇ ਅਤੇ ਉਸ ਨੂੰ ਸ਼ੁੱਧ ਠਹਿਰਾਵੇ ਅਤੇ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ। 8 ਅਤੇ ਸ਼ੁੱਧ ਹੋਣ ਵਾਲਾ ਆਪਣੇ ਕੱਪੜਿਆਂ ਨੂੰ ਧੋਵੇ ਅਤੇ ਆਪਣਾ ਸਿਰ ਮੁਨਾ ਦੇਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋਵੇਗਾ, ਇਸ ਤੋਂ ਬਾਅਦ ਉਹ ਡੇਰੇ ਵਿੱਚ ਆਵੇ ਪਰ ਸੱਤ ਦਿਨ ਤੱਕ ਆਪਣੇ ਡੇਰੇ ਤੋਂ ਬਾਹਰ ਹੀ ਵਾਸ ਕਰੇ। 9 ਪਰ ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ ਅਤੇ ਆਪਣੇ ਭਰਵੱਟਿਆਂ ਦੇ ਵਾਲ਼ ਮੁਨਾ ਦੇਵੇ, ਸਗੋਂ ਆਪਣੇ ਸਾਰੇ ਵਾਲ਼ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋ ਜਾਵੇਗਾ।
10 ਅੱਠਵੇਂ ਦਿਨ ਉਹ ਦੋਸ਼ ਰਹਿਤ ਦੋ ਲੇਲੇ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਅਤੇ ਮੈਦੇ ਦੀ ਭੇਟ ਲਈ ਤੇਲ ਨਾਲ ਰਲਾਏ ਹੋਏ ਏਫ਼ਾਹ* 14:10 ਤਿੰਨ ਕਿੱਲੋ ਦਾ ਤਿੰਨ ਤਿਹਾਈ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ। 11 ਤਦ ਉਹ ਜਾਜਕ ਜੋ ਸ਼ੁੱਧ ਕਰਨ ਦੀ ਬਿਧੀ ਨੂੰ ਕਰਦਾ ਹੈ, ਉਸ ਸ਼ੁੱਧ ਹੋਣ ਵਾਲੇ ਮਨੁੱਖ ਨੂੰ ਇਨ੍ਹਾਂ ਵਸਤੂਆਂ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਸਾਹਮਣੇ ਖੜ੍ਹਾ ਕਰੇ। 12 ਤਦ ਜਾਜਕ ਇੱਕ ਲੇਲਾ ਲੈ ਕੇ ਦੋਸ਼ ਬਲੀ ਦੀ ਭੇਟ ਕਰਕੇ ਉਸ ਨੂੰ ਚੜ੍ਹਾਵੇ ਅਤੇ ਉਸ ਕੁੱਪੀ ਤੇਲ ਨੂੰ ਲੈ ਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ। 13 ਉਹ ਉਸ ਲੇਲੇ ਨੂੰ ਉਸੇ ਸਥਾਨ ਵਿੱਚ ਵੱਢੇ ਜਿੱਥੇ ਉਹ ਪਾਪ ਬਲੀ ਅਤੇ ਹੋਮ ਬਲੀ ਪਸ਼ੂਆਂ ਨੂੰ ਵੱਢਦੇ ਹਨ ਅਰਥਾਤ ਪਵਿੱਤਰ ਸਥਾਨ ਵਿੱਚ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਉਹ ਅੱਤ ਪਵਿੱਤਰ ਹੈ। 14 ਜਾਜਕ ਦੋਸ਼ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲਵੇ ਅਤੇ ਜੋ ਸ਼ੁੱਧ ਹੋਣ ਵਾਲਾ ਹੈ ਉਸ ਦੇ ਸੱਜੇ ਕੰਨ ਦੇ ਸਿਰੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਾਵੇ। 15 ਫੇਰ ਜਾਜਕ ਉਸ ਪਾਉ ਤੇਲ ਵਿੱਚੋਂ ਕੁਝ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ, 16 ਅਤੇ ਜਾਜਕ ਆਪਣੀ ਸੱਜੇ ਹੱਥ ਦੀ ਉਂਗਲ ਨੂੰ ਆਪਣੇ ਖੱਬੇ ਹੱਥ ਦੀ ਤਲੀ ਦੇ ਤੇਲ ਵਿੱਚ ਡੋਬ ਕੇ ਉਸ ਤੇਲ ਵਿੱਚੋਂ ਕੁਝ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ, 17 ਅਤੇ ਬਾਕੀ ਤੇਲ ਜੋ ਉਸ ਦੇ ਹੱਥ ਵਿੱਚ ਹੈ, ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ। 18 ਅਤੇ ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ। 19 ਜਾਜਕ ਪਾਪ ਬਲੀ ਦੀ ਭੇਟ ਚੜ੍ਹਾਵੇ ਅਤੇ ਉਸ ਦੇ ਲਈ ਜੋ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਹੋਣ ਵਾਲਾ ਹੈ ਪ੍ਰਾਸਚਿਤ ਕਰੇ ਅਤੇ ਇਸ ਤੋਂ ਬਾਅਦ ਹੋਮ ਬਲੀ ਦੀ ਭੇਟ ਨੂੰ ਵੱਢ ਦੇਵੇ। 20 ਤਦ ਜਾਜਕ ਹੋਮ ਬਲੀ ਦੀ ਭੇਟ ਅਤੇ ਮੈਦੇ ਦੀ ਭੇਟ ਜਗਵੇਦੀ ਉੱਤੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਾਂ ਉਹ ਸ਼ੁੱਧ ਹੋ ਜਾਵੇਗਾ।
21 ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫ਼ਾਹ† 14:21 ਤਿੰਨ ਕਿੱਲੋ ਦਾ ਦਸਵਾਂ ਹਿੱਸਾ ਮੈਦਾ, ਮੈਦੇ ਦੀ ਭੇਟ ਲਈ ਅਤੇ ਇੱਕ ਪਾਉ ਤੇਲ ਲਿਆਵੇ, 22 ਅਤੇ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਜੋ ਉਹ ਲਿਆ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਤਾਂ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਲਈ ਹੋਵੇ। 23 ਅੱਠਵੇਂ ਦਿਨ ਉਹ ਇਨ੍ਹਾਂ ਸਾਰਿਆਂ ਨੂੰ ਆਪਣੇ ਸ਼ੁੱਧ ਕਰਨ ਲਈ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਉੱਤੇ ਯਹੋਵਾਹ ਦੇ ਸਨਮੁਖ ਜਾਜਕ ਦੇ ਕੋਲ ਲਿਆਵੇ। 24 ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ। 25 ਫੇਰ ਉਹ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਵੱਢ ਦੇਵੇ ਅਤੇ ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਵੇ। 26 ਫੇਰ ਜਾਜਕ ਉਸ ਵਿੱਚੋਂ ਕੁਝ ਤੇਲ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ, 27 ਅਤੇ ਜਾਜਕ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਆਪਣੇ ਖੱਬੇ ਹੱਥ ਦੀ ਤਲੀ ਵਿੱਚੋਂ ਕੁਝ ਤੇਲ ਲੈ ਕੇ ਸੱਤ ਵਾਰੀ ਯਹੋਵਾਹ ਦੇ ਅੱਗੇ ਛਿੜਕੇ। 28 ਫੇਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ, 29 ਅਤੇ ਬਾਕੀ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ। 30 ਤਦ ਉਹ ਉਨ੍ਹਾਂ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਜੋ ਉਹ ਲਿਆ ਸਕਿਆ, ਇੱਕ ਨੂੰ ਚੜ੍ਹਾਵੇ, 31 ਅਰਥਾਤ ਜੋ ਪੰਛੀ ਉਹ ਲਿਆ ਸਕਿਆ ਉਨ੍ਹਾਂ ਵਿੱਚੋਂ ਉਹ ਇੱਕ ਨੂੰ ਪਾਪ ਬਲੀ ਦੀ ਭੇਟ ਲਈ ਅਤੇ ਦੂਜੇ ਨੂੰ ਮੈਦੇ ਦੀ ਭੇਟ ਸਮੇਤ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ। 32 ਜਿਸ ਨੂੰ ਕੋੜ੍ਹ ਦਾ ਰੋਗ ਹੋਇਆ ਹੋਵੇ ਅਤੇ ਉਹ ਇਸ ਯੋਗ ਨਾ ਹੋਵੇ ਕਿ ਉਹ ਸ਼ੁੱਧਤਾਈ ਦੀਆਂ ਵਸਤੂਆਂ ਨੂੰ ਲਿਆ ਸਕੇ, ਉਸ ਦੇ ਲਈ ਇਹੋ ਬਿਵਸਥਾ ਹੈ।
ਘਰ ਵਿੱਚ ਲੱਗੀ ਫ਼ਫੂੰਦੀ ਦੇ ਲਈ ਨਿਯਮ
33 ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 34 ਜਦ ਤੁਸੀਂ ਕਨਾਨ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ, ਤਾਂ ਜੇਕਰ ਮੈਂ ਉਸ ਦੇਸ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ, 35 ਤਾਂ ਉਸ ਘਰ ਦਾ ਮਾਲਕ ਜਾਜਕ ਦੇ ਕੋਲ ਆ ਕੇ ਆਖੇ, ਮੈਨੂੰ ਅਜਿਹਾ ਪਰਤੀਤ ਹੁੰਦਾ ਹੈ ਕਿ ਘਰ ਵਿੱਚ ਕੋਈ ਰੋਗ ਹੈ। 36 ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ। 37 ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ, 38 ਤਾਂ ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਘਰ ਨੂੰ ਸੱਤ ਦਿਨ ਤੱਕ ਬੰਦ ਕਰ ਦੇਵੇ। 39 ਅਤੇ ਸੱਤਵੇਂ ਦਿਨ ਜਾਜਕ ਫੇਰ ਆਵੇ ਅਤੇ ਵੇਖੇ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ, 40 ਤਾਂ ਜਾਜਕ ਹੁਕਮ ਦੇਵੇ ਕਿ ਉਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ, ਕੱਢ ਕੇ ਲੈ ਜਾਣ ਅਤੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ। 41 ਉਹ ਉਸ ਘਰ ਨੂੰ ਅੰਦਰੋਂ ਚੁਫ਼ੇਰਿਓਂ ਛਿਲਵਾ ਦੇਵੇ ਅਤੇ ਉਹ ਉਸ ਮਿੱਟੀ ਨੂੰ ਜੋ ਛਿੱਲੀ ਗਈ ਹੈ, ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ। 42 ਉਹ ਦੂਜੇ ਪੱਥਰ ਲੈ ਕੇ ਉਨ੍ਹਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾ ਲੈ ਕੇ ਘਰ ਨੂੰ ਲਿੱਪੇ।
43 ਪਰ ਜੇਕਰ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਘਰ ਵਿੱਚ ਫੇਰ ਫੁੱਟ ਨਿੱਕਲੇ, 44 ਤਾਂ ਜਾਜਕ ਆ ਕੇ ਵੇਖੇ ਅਤੇ ਵੇਖੋ, ਜੇਕਰ ਉਹ ਰੋਗ ਘਰ ਵਿੱਚ ਫੈਲ ਗਿਆ ਹੋਵੇ, ਤਾਂ ਉਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ। 45 ਉਹ ਉਸ ਘਰ ਨੂੰ ਢਾਹ ਦੇਵੇ ਅਤੇ ਉਸ ਦੇ ਪੱਥਰ, ਲੱਕੜੀਆਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਜਾ ਕੇ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟਵਾ ਦੇਵੇ। 46 ਜਦ ਤੱਕ ਉਹ ਘਰ ਬੰਦ ਰਹੇ, ਤਦ ਤੱਕ ਜੋ ਕੋਈ ਉਸ ਘਰ ਵਿੱਚ ਵੜੇ, ਉਹ ਸ਼ਾਮ ਤੱਕ ਅਸ਼ੁੱਧ ਰਹੇ। 47 ਅਤੇ ਜਿਹੜਾ ਉਸ ਘਰ ਵਿੱਚ ਲੰਮਾ ਪਵੇ, ਉਹ ਆਪਣੇ ਕੱਪੜੇ ਧੋ ਲਵੇ ਅਤੇ ਜਿਹੜਾ ਉਸ ਘਰ ਵਿੱਚ ਖਾਣਾ ਖਾਵੇ ਉਹ ਵੀ ਆਪਣੇ ਕੱਪੜੇ ਧੋ ਲਵੇ।
48 ਜੇਕਰ ਜਾਜਕ ਉਸ ਘਰ ਵਿੱਚ ਆ ਕੇ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਘਰ ਨੂੰ ਲਿੱਪਣ ਤੋਂ ਬਾਅਦ ਉਹ ਰੋਗ ਉਸ ਘਰ ਵਿੱਚ ਨਾ ਫੈਲਿਆ ਹੋਵੇ ਤਾਂ ਉਹ ਉਸ ਘਰ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਰੋਗ ਚੰਗਾ ਹੋ ਗਿਆ ਹੈ। 49 ਅਤੇ ਉਸ ਘਰ ਨੂੰ ਸ਼ੁੱਧ ਕਰਨ ਲਈ, ਉਹ ਦੋ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ। 50 ਉਹ ਪੰਛੀਆਂ ਵਿੱਚੋਂ ਕਿਸੇ ਇੱਕ ਨੂੰ ਵੱਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਵੱਢੇ। 51 ਤਦ ਉਹ ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਅਤੇ ਜੀਉਂਦੇ ਪੰਛੀ ਨੂੰ ਲੈ ਕੇ ਉਸ ਵੱਢੇ ਹੋਏ ਪੰਛੀ ਦੇ ਲਹੂ ਵਿੱਚ ਅਤੇ ਵਗਦੇ ਪਾਣੀ ਵਿੱਚ ਡੋਬੇ ਅਤੇ ਉਸ ਘਰ ਉੱਤੇ ਸੱਤ ਵਾਰੀ ਛਿੜਕੇ। 52 ਇਸ ਤਰ੍ਹਾਂ ਉਹ ਪੰਛੀ ਦੇ ਲਹੂ, ਵਗਦੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜੂਫ਼ੇ ਅਤੇ ਕਿਰਮਚੀ ਕੱਪੜੇ ਨਾਲ ਉਸ ਘਰ ਨੂੰ ਸ਼ੁੱਧ ਕਰੇ। 53 ਪਰ ਉਸ ਜੀਉਂਦੇ ਪੰਛੀ ਨੂੰ ਸ਼ਹਿਰ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ, ਇਸ ਤਰ੍ਹਾਂ ਉਹ ਉਸ ਘਰ ਦੇ ਲਈ ਪ੍ਰਾਸਚਿਤ ਕਰੇ ਤਦ ਉਹ ਸ਼ੁੱਧ ਹੋਵੇਗਾ।
54 ਹਰ ਪ੍ਰਕਾਰ ਦੇ ਕੋੜ੍ਹ ਦੇ ਰੋਗ ਅਤੇ ਦਾਦ ਲਈ ਇਹੋ ਬਿਵਸਥਾ ਹੈ, 55 ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ, 56 ਅਤੇ ਸੋਜ, ਪੱਪੜੀ, ਅਤੇ ਦਾਗ ਦੇ ਲਈ 57 ਅਸ਼ੁੱਧ ਅਤੇ ਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ।