23
ਨਿਆਂ ਅਤੇ ਪੱਖਪਾਤ
1 ਤੂੰ ਕੂੜ ਦੀ ਗੱਪਸ਼ੱਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ। 2 ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਅਤੇ ਤੂੰ ਕਿਸੇ ਝਗੜੇ ਵਿੱਚ ਅਜਿਹਾ ਉੱਤਰ ਨਾ ਦੇ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਂ ਨੂੰ ਵਿਗਾੜ ਦੇਵੇਂ। 3 ਤੂੰ ਕਿਸੇ ਕੰਗਾਲ ਦਾ ਉਹ ਦੇ ਝਗੜੇ ਵਿੱਚ ਪੱਖ ਨਾ ਕਰ। 4 ਜਦ ਤੂੰ ਆਪਣੇ ਵੈਰੀ ਦੇ ਬਲ਼ਦ ਅਥਵਾ ਗਧੇ ਨੂੰ ਖੁੱਲ੍ਹਾ ਫਿਰਦਾ ਵੇਖੇਂ ਤਾਂ ਤੂੰ ਜ਼ਰੂਰ ਉਹ ਉਸ ਨੂੰ ਮੋੜ ਦੇ। 5 ਜਦ ਤੇਰੇ ਨਾਲ ਖੁਣਸ ਕਰਨ ਵਾਲੇ ਦਾ ਗਧਾ ਤੂੰ ਭਾਰ ਹੇਠ ਪਿਆ ਹੋਇਆ ਵੇਖੇਂ ਅਤੇ ਉਸ ਦੀ ਸਹਾਇਤਾ ਨਾ ਕਰਨੀ ਚਾਹੇਂ ਫਿਰ ਵੀ ਤੂੰ ਜ਼ਰੂਰ ਉਸ ਦੀ ਸਹਾਇਤਾ ਕਰ। 6 ਤੂੰ ਆਪਣੇ ਮੁਹਤਾਜ ਦੇ ਨਿਆਂ ਨੂੰ ਉਸ ਦੇ ਝਗੜੇ ਵਿੱਚ ਨਾ ਭੁਆਂ। 7 ਝੂਠੀ ਗੱਲ ਤੋਂ ਦੂਰ ਰਹਿ ਅਤੇ ਤੂੰ ਬੇਦੋਸ਼ੀ ਅਤੇ ਧਰਮੀ ਨੂੰ ਮਾਰ ਨਾ ਸੁੱਟ ਕਿਉਂ ਜੋ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ। 8 ਤੂੰ ਰਿਸ਼ਵਤ ਨਾ ਖਾਹ ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ * 23:8 ਨਿਆਈਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ। 9 ਤੂੰ ਪਰਦੇਸੀ ਨੂੰ ਨਾ ਸਤਾ। ਤੁਸੀਂ ਪਰਦੇਸੀ ਦੇ ਮਨ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਸੀ।
ਸੱਤਵਾਂ ਸਾਲ ਅਤੇ ਸੱਤਵਾਂ ਦਿਨ
10 ਛੇ ਸਾਲ ਤੂੰ ਆਪਣੀ ਧਰਤੀ ਬੀਜ ਅਤੇ ਉਸ ਦਾ ਹਾਸਲ ਇਕੱਠਾ ਕਰ। 11 ਪਰ ਸੱਤਵੇਂ ਸਾਲ ਤੂੰ ਉਹ ਨੂੰ ਛੱਡ ਦੇ ਕਿ ਵਿਹਲੀ ਰਹੇ ਤਾਂ ਜੋ ਤੇਰੇ ਲੋਕਾਂ ਦੇ ਮੁਹਤਾਜ ਖਾਣ ਅਤੇ ਜੋ ਕੁਝ ਉਹ ਛੱਡਣ ਉਹ ਰੜੇ ਦੇ ਦਰਿੰਦੇ ਖਾਣ। ਇਸ ਤਰ੍ਹਾਂ ਤੂੰ ਆਪਣੀ ਦਾਖ਼ ਅਤੇ ਜ਼ੈਤੂਨ ਦੀ ਵਾੜੀ ਨਾਲ ਵੀ ਕਰ। 12 ਛੇ ਦਿਨ ਤੂੰ ਆਪਣਾ ਕੰਮ ਕਰ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰ ਤਾਂ ਜੋ ਤੇਰਾ ਬਲ਼ਦ ਅਤੇ ਤੇਰਾ ਗਧਾ ਸੁਸਤਾਉਣ ਅਤੇ ਤੇਰੀ ਗੋਲੀ ਦਾ ਪੁੱਤਰ ਅਤੇ ਪਰਦੇਸੀ ਟਹਿਕ ਜਾਣ। 13 ਜੋ ਕੁਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸੁਚੇਤ ਰਹੋ ਅਤੇ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਾ ਲਓ ਅਤੇ ਉਹ ਤੁਹਾਡੇ ਮੂੰਹ ਤੋਂ ਸੁਣੇ ਵੀ ਨਾ ਜਾਣ।
ਤਿੰਨ ਮੁੱਖ ਪਰਬ
ਕੂਚ 34:18-26; ਬਿਵਸਥਾ 16:1-17
14 ਤੂੰ ਸਾਲ ਵਿੱਚ ਤਿੰਨ ਵਾਰ ਮੇਰਾ ਪਰਬ ਮਨਾ। 15 ਪਤੀਰੀ ਰੋਟੀ ਦੇ ਪਰਬ ਨੂੰ ਤੂੰ ਮਨਾ। ਸੱਤ ਦਿਨ ਤੂੰ ਪਤੀਰੀ ਰੋਟੀ ਖਾ ਜਿਵੇਂ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਵਿੱਚ ਮੈਂ ਤੈਨੂੰ ਹੁਕਮ ਦਿੱਤਾ ਸੀ ਕਿਉਂ ਜੋ ਤੂੰ ਉਸ ਵਿੱਚ ਮਿਸਰ ਤੋਂ ਬਾਹਰ ਆਇਆ। ਖਾਲੀ ਹੱਥੀਂ ਉਹ ਮੇਰੇ ਸਾਹਮਣੇ ਵੇਖੇ ਨਾ ਜਾਣ। 16 ਵਾਢੀ ਦਾ ਪਰਬ ਅਰਥਾਤ ਤੇਰੇ ਕੰਮਾਂ ਦੇ ਪਹਿਲੇ ਫਲ ਜਿਹੜੇ ਤੂੰ ਪੈਲੀ ਵਿੱਚ ਬੀਜੇ ਅਤੇ ਇਕੱਠਾ ਕਰਨ ਦਾ ਪਰਬ ਸਾਲ ਦੇ ਛੇਕੜ ਵਿੱਚ ਜਦ ਤੂੰ ਆਪਣੀ ਕਮਾਈ ਨੂੰ ਪੈਲੀ ਤੋਂ ਇਕੱਠਾ ਕਰ ਲਿਆ ਹੋਵੇ। 17 ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਪੁਰਖ ਪ੍ਰਭੂ ਯਹੋਵਾਹ ਅੱਗੇ ਹਾਜ਼ਰ ਹੋਣ। 18 ਤੂੰ ਮੇਰੇ ਬਲੀ ਪਸ਼ੂ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾ। ਨਾ ਮੇਰੇ ਪਰਬ ਦੇ ਚੜ੍ਹਾਵੇ ਦੀ ਚਰਬੀ ਸਾਰੀ ਰਾਤ ਸਵੇਰ ਤੱਕ ਰਹੇ। 19 ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆਵੀਂ। ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ।
ਵਾਅਦੇ ਅਤੇ ਨਿਰਦੇਸ਼
20 ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਭੇਜਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ। 21 ਉਸ ਦੇ ਅੱਗੇ ਚੌਕਸ ਰਹੋ ਅਤੇ ਉਸ ਦੀ ਅਵਾਜ਼ ਸੁਣੋ ਅਤੇ ਉਹ ਨੂੰ ਨਾ ਛੇੜੋ ਕਿਉਂ ਜੋ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖ਼ਸ਼ੇਗਾ ਇਸ ਲਈ ਕਿ ਮੇਰਾ ਨਾਮ ਉਸ ਵਿੱਚ† 23:21 ਮੈਂ ਉਸ ਨੂੰ ਪੂਰਾ ਇਖ਼ਤਿਆਰ ਦਿੱਤਾ ਹੈ ਹੈ। 22 ਸਗੋਂ ਜੇ ਤੁਸੀਂ ਸੱਚ-ਮੁੱਚ ਉਸ ਦੀ ਅਵਾਜ਼ ਨੂੰ ਸੁਣੋ ਅਤੇ ਜੋ ਕੁਝ ਮੈਂ ਬੋਲਦਾ ਹਾਂ ਉਹ ਕਰੋ ਤਾਂ ਮੈਂ ਤੁਹਾਡੇ ਵੈਰੀਆਂ ਦਾ ਵੈਰੀ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧੀ ਹੋਵਾਂਗਾ। 23 ਕਿਉਂ ਜੋ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ ਅਤੇ ਤੁਹਾਨੂੰ ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚ ਲਿਆਵੇਗਾ ਅਤੇ ਮੈਂ ਉਨ੍ਹਾਂ ਦਾ ਨਾਸ ਕਰਾਂਗਾ। 24 ਤੁਸੀਂ ਉਨ੍ਹਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ ਨਾ ਉਨ੍ਹਾਂ ਉਪਾਸਨਾ ਕਰੋ ਨਾ ਤੁਸੀਂ ਉਨ੍ਹਾਂ ਦੇ ਕੰਮਾਂ ਵਾਂਗੂੰ ਕੰਮ ਕਰੋ ਸਗੋਂ ਉਨ੍ਹਾਂ ਨੂੰ ਜ਼ਰੂਰ ਢਾਓ ਅਤੇ ਉਨ੍ਹਾਂ ਦੇ ਥੰਮਾਂ ਨੂੰ ਚਕਨਾ-ਚੂਰ ਕਰੋ। 25 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। 26 ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੁਹਾਡੇ ਦਿਨਾਂ ਦਾ ਲੇਖਾ ਪੂਰਾ ਕਰਾਂਗਾ। 27 ਮੈਂ ਆਪਣਾ ਭੈਅ ਤੁਹਾਡੇ ਅੱਗੇ ਭੇਜਾਂਗਾ ਅਤੇ ਮੈਂ ਸਾਰੇ ਲੋਕਾਂ ਨੂੰ ਜਿਨ੍ਹਾਂ ਉੱਤੇ ਤੁਸੀਂ ਆਣ ਪਵੋਗੇ ਨਾਸ ਕਰ ਦੇਵਾਂਗਾ ਅਤੇ ਮੈਂ ਤੁਹਾਡੇ ਸਾਰੇ ਵੈਰੀਆਂ ਨੂੰ ਨੱਠੇ ਜਾਂਦੇ ਹੋਏ ਤੁਹਾਨੂੰ ਦੇਵਾਂਗਾ। 28 ਮੈਂ ਤੁਹਾਡੇ ਅੱਗੇ ਡੇਹਮੂ ਭੇਜਾਂਗਾ ਜਿਹੜਾ ਹਿੱਵੀ ਕਨਾਨੀ ਹਿੱਤੀ ਤੁਹਾਡੇ ਅੱਗੋਂ ਧੱਕ ਦੇਵੇਗਾ। 29 ਮੈਂ ਇੱਕੋ ਹੀ ਸਾਲ ਵਿੱਚ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਾ ਧੱਕਾਂਗਾ ਮਤੇ ਉਹ ਧਰਤੀ ਉੱਜੜ ਜਾਵੇ ਅਤੇ ਮੈਦਾਨ ਦੇ ਦਰਿੰਦੇ ਤੁਹਾਡੇ ਵਿਰੁੱਧ ਵਧ ਜਾਣ। 30 ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਹੌਲੀ-ਹੌਲੀ ਧੱਕਾਂਗਾ ਜਦ ਤੱਕ ਤੁਸੀਂ ਨਾ ਫਲੋ ਅਤੇ ਧਰਤੀ ਨੂੰ ਆਪਣੇ ਵੱਸ ਵਿੱਚ ਨਾ ਕਰੋ। 31 ਸੋ ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਫ਼ਲਿਸਤੀਆਂ ਦੇ ਸਮੁੰਦਰ ਤੱਕ ਅਤੇ ਉਜਾੜ ਤੋਂ ਦਰਿਆ (ਫ਼ਰਾਤ) ਤੱਕ ਠਹਿਰਾਵਾਂਗਾ ਕਿਉਂ ਜੋ ਮੈਂ ਤੁਹਾਡੇ ਹੱਥ ਵਿੱਚ ਉਸ ਧਰਤੀ ਦੇ ਵਸਨੀਕਾਂ ਨੂੰ ਦੇਵਾਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗੋਂ ਧੱਕ ਦਿਓਗੇ। 32 ਤੁਸੀਂ ਉਨ੍ਹਾਂ ਨਾਲ ਅਥਵਾ ਉਨ੍ਹਾਂ ਦੇ ਦੇਵਤਿਆਂ ਨਾਲ ਨੇਮ ਨਾ ਬੰਨ੍ਹੋ। 33 ਉਹ ਤੁਹਾਡੀ ਧਰਤੀ ਵਿੱਚ ਨਾ ਰਹਿਣ ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਤੋਂ ਮੇਰੇ ਵਿਰੁੱਧ ਪਾਪ ਕਰਾਉਣ ਕਿਉਂ ਜੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰੋ ਤਾਂ ਉਹ ਜ਼ਰੂਰ ਤੁਹਾਡੇ ਲਈ ਫਾਹੀ ਹੋਵੇਗੀ।