106
ਪਰਮੇਸ਼ੁਰ ਦੀ ਭਲਾਈ ਅਤੇ ਇਸਰਾਏਲ ਦਾ ਵਿਦਰੋਹ
1 ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ,
ਅਤੇ ਉਹ ਦੀ ਦਯਾ ਸਦਾ ਤੱਕ ਹੈ!
2 ਯਹੋਵਾਹ ਦੀਆਂ ਸ਼ਕਤੀਆਂ ਨੂੰ ਕੌਣ ਵਰਣਨ ਕਰ ਸਕਦਾ ਹੈ?
ਕੌਣ ਉਹ ਦੀ ਸਾਰੀ ਉਸਤਤ ਸੁਣਾ ਸਕਦਾ ਹੈ?
3 ਧੰਨ ਓਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ,
ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ!
4 ਹੇ ਯਹੋਵਾਹ, ਆਪਣੀ ਪਰਜਾ ਦੇ ਪੱਖਪਾਤ ਵਿੱਚ ਮੈਨੂੰ ਚੇਤੇ ਰੱਖ,
ਆਪਣੇ ਬਚਾਓ ਨਾਲ ਮੇਰੀ ਸੁੱਧ ਲੈ,
5 ਕਿ ਮੈਂ ਤੇਰੇ ਚੁਣੇ ਹੋਇਆਂ ਦੀ ਭਲਿਆਈ ਵੇਖਾਂ,
ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ,
ਅਤੇ ਤੇਰੀ ਮਿਲਖ਼ ਦੇ ਨਾਲ ਫਖ਼ਰ ਕਰਾਂ!।
6 ਅਸੀਂ ਆਪਣੇ ਪੁਰਖਿਆਂ ਜਿਹੇ ਪਾਪ ਕੀਤੇ,
ਅਸੀਂ ਬਦੀ ਅਤੇ ਦੁਸ਼ਟਪੁਣਾ ਕੀਤਾ।
7 ਸਾਡੇ ਪੁਰਖਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ ਨੂੰ ਨਾ ਸਮਝਿਆ,
ਨਾ ਤੇਰੀਆਂ ਬਹੁਤੀਆਂ ਦਿਆਲ਼ਗੀਆਂ ਨੂੰ ਚੇਤੇ ਰੱਖਿਆ,
ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ ਆਕੀ ਹੋ ਗਏ।
8 ਤਾਂ ਵੀ ਉਹ ਨੇ ਆਪਣੇ ਨਾਮ ਦੇ ਕਾਰਨ ਉਨ੍ਹਾਂ ਨੂੰ ਬਚਾਇਆ,
ਕਿ ਉਹ ਆਪਣੀ ਸ਼ਕਤੀ ਵਿਖਾਵੇ।
9 ਉਹ ਨੇ ਲਾਲ ਸਮੁੰਦਰ ਨੂੰ ਦਬਕਾ ਦਿੱਤਾ ਅਤੇ ਉਹ ਸੁੱਕ ਗਿਆ,
ਅਤੇ ਉਹ ਨੇ ਉਨ੍ਹਾਂ ਨੂੰ ਡੁੰਘਿਆਈਆਂ ਦੇ ਵਿੱਚੋਂ ਦੀ ਜਿਵੇਂ ਉਜਾੜ ਦੇ ਵਿੱਚੋਂ ਦੀ ਲੰਘਾਇਆ,
10 ਅਤੇ ਉਹ ਨੇ ਉਨ੍ਹਾਂ ਨੂੰ ਦੁਸ਼ਮਣ ਦੇ ਹੱਥੋਂ ਬਚਾਇਆ,
ਅਤੇ ਵੈਰੀ ਦੇ ਹੱਥੋਂ ਛੁਡਾਇਆ।
11 ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢੱਕ ਲਿਆ,
ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ!
12 ਉਸ ਦੇ ਲੋਕਾਂ ਨੇ ਉਹ ਦੀਆਂ ਗੱਲਾਂ ਨੂੰ ਸੱਚ ਮੰਨਿਆ,
ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ।
13 ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ,
ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ।
14 ਉਨ੍ਹਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ,
ਅਤੇ ਥਲ ਵਿੱਚ ਪਰਮੇਸ਼ੁਰ ਨੂੰ ਪਰਤਾਇਆ,
15 ਤਾਂ ਉਹ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ,
ਪਰ ਉਨ੍ਹਾਂ ਦੀਆਂ ਜਾਨਾਂ ਨੂੰ ਲਿੱਸਿਆਂ ਨਾ ਕੀਤਾ।
16 ਡੇਰੇ ਵਿੱਚ ਓਹ ਮੂਸਾ,
ਅਤੇ ਯਹੋਵਾਹ ਦੇ ਭਗਤ ਹਾਰੂਨ ਉੱਤੇ ਸੜੇ,
17 ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਲਿਆ,
ਅਤੇ ਅਬੀਰਾਮ ਦੀ ਟੋਲੀ ਨੂੰ ਢੱਕ ਲਿਆ,
18 ਤਾਂ ਅੱਗ ਉਨ੍ਹਾਂ ਦੀ ਟੋਲੀ ਵਿੱਚ ਫੁੱਟ ਨਿੱਕਲੀ,
ਅਤੇ ਲੰਬ ਨੇ ਦੁਸ਼ਟਾਂ ਨੂੰ ਭਸਮ ਕੀਤਾ।
19 ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ,
ਅਤੇ ਢਾਲ਼ੇ ਹੋਏ ਬੁੱਤ ਅੱਗੇ ਮੱਥਾ ਟੇਕਿਆ,
20 ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ,
ਘਾਹ ਖਾਣ ਵਾਲੇ ਬਲ਼ਦ ਦੇ ਰੂਪ ਨਾਲ ਬਦਲ ਲਿਆ!
21 ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ,
ਜਿਸ ਨੇ ਮਿਸਰ ਵਿੱਚ ਵੱਡੇ-ਵੱਡੇ ਕੰਮ ਕੀਤੇ,
22 ਹਾਮ ਦੇ ਦੇਸ ਵਿੱਚ ਅਚਰਜ਼,
ਅਤੇ ਲਾਲ ਸਮੁੰਦਰ ਉੱਤੇ ਭਿਆਨਕ ਕੰਮ!
23 ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ ਸੁੱਟਦਾ,
ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ ਅੱਗੇ ਖੜ੍ਹਾ ਨਾ ਹੁੰਦਾ,
ਕਿ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ।
24 ਫੇਰ ਉਨ੍ਹਾਂ ਨੇ ਉਸ ਮਨਭਾਉਂਦੇ ਦੇਸ ਨੂੰ ਤੁੱਛ ਜਾਣਿਆ,
ਉਨ੍ਹਾਂ ਨੇ ਉਹ ਦੇ ਬਚਨ ਨੂੰ ਸੱਚ ਨਾ ਮੰਨਿਆ,
25 ਪਰ ਆਪਣੀਆਂ ਤੰਬੂਆਂ ਵਿੱਚ ਬੁੜ-ਬੁੜ ਕੀਤੀ,
ਅਤੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ।
26 ਤਾਂ ਉਹ ਨੇ ਉਨ੍ਹਾਂ ਲਈ ਸਹੁੰ ਖਾਧੀ,
ਕਿ ਮੈਂ ਉਨ੍ਹਾਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ,
27 ਅਤੇ ਉਨ੍ਹਾਂ ਦੀ ਨਸਲ ਨੂੰ ਵੀ ਕੌਮਾਂ ਵਿੱਚ ਸੁੱਟਾਂਗਾ,
ਅਤੇ ਉਨ੍ਹਾਂ ਨੂੰ ਦੇਸ ਵਿੱਚ ਖਿਲਾਰ ਦਿਆਂਗਾ।
28 ਉਨ੍ਹਾਂ ਨੇ ਬਆਲ ਪਓਰ ਨਾਲ ਆਪਣੇ ਆਪ ਨੂੰ ਜੋੜ ਦਿੱਤਾ,
ਅਤੇ ਮੁਰਦਿਆਂ ਦੇ ਚੜ੍ਹਾਵਿਆਂ ਨੂੰ ਖਾਧਾ!
29 ਇਉਂ ਆਪਣੀਆਂ ਕਰਤੂਤਾਂ ਨਾਲ ਉਨ੍ਹਾਂ ਨੇ ਉਹ ਨੂੰ ਗੁੱਸੇ ਕੀਤਾ,
ਅਤੇ ਮਰੀ ਉਨ੍ਹਾਂ ਵਿੱਚ ਫੁੱਟ ਪਈ।
30 ਤਾਂ ਫ਼ੀਨਹਾਸ ਵਿਚਕਾਰ ਖਲੋ ਗਿਆ,
ਅਤੇ ਮਰੀ ਰੁਕ ਗਈ,
31 ਅਤੇ ਇਹ ਉਹ ਦੇ ਲਈ ਧਰਮ ਗਿਣਿਆ ਗਿਆ, ਪੀੜ੍ਹੀਓਂ ਪੀੜ੍ਹੀ ਸਦਾ ਲਈ।
32 ਫੇਰ ਉਨ੍ਹਾਂ ਨੇ ਮਰੀਬਾਹ ਦੇ ਪਾਣੀ ਉੱਤੇ ਉਹ ਦੇ ਗੁੱਸੇ ਨੂੰ ਭੜਕਾਇਆ,
ਇਹ ਉਨ੍ਹਾਂ ਦੇ ਕਾਰਨ ਮੂਸਾ ਲਈ ਬੁਰਾ ਹੋਇਆ,
33 ਓਹ ਪਰਮੇਸ਼ੁਰ ਦੇ ਆਤਮਾ ਤੋਂ ਆਕੀ ਜੋ ਹੋ ਗਏ ਸਨ,
ਤਾਂ ਹੀ ਮੂਸਾ ਨੇ ਆਪਣੇ ਬੁੱਲ੍ਹਾਂ ਤੋਂ ਕੁਵੱਲੀਆਂ ਗੱਲਾਂ ਕੱਢੀਆਂ।
34 ਉਨ੍ਹਾਂ ਨੇ ਉਹਨਾਂ ਉੱਮਤਾਂ ਦਾ ਨਾਸ ਨਾ ਕੀਤਾ,
ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ,
35 ਸਗੋਂ ਓਹ ਉਹਨਾਂ ਵਿੱਚ ਰਲ ਗਏ
ਅਤੇ ਉਨ੍ਹਾਂ ਨੇ ਉਹਨਾਂ ਦੇ ਕੰਮ ਸਿੱਖ ਲਏ,
36 ਅਤੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ,
ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ।
37 ਉਨ੍ਹਾਂ ਨੇ ਆਪਣੇ ਪੁੱਤਰਾਂ ਧੀਆਂ ਨੂੰ ਭੂਤਨਿਆਂ ਲਈ ਬਲੀਦਾਨ ਕੀਤਾ।
38 ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ,
ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ,
ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ,
39 ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ,
ਅਤੇ ਆਪਣੇ ਕਰਤੱਬੀਂ ਵਿਭਚਾਰੀ ਠਹਿਰੇ।
40 ਇਉਂ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ,
ਅਤੇ ਉਹ ਨੇ ਆਪਣੀ ਮਿਰਾਸ ਤੋਂ ਘਿਣ ਕੀਤੀ।
41 ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ,
ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਉੱਤੇ ਹੁਕਮ ਕਰਨ।
42 ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਸਤਾਇਆ,
ਅਤੇ ਓਹ ਉਨ੍ਹਾਂ ਦੇ ਹੱਥਾਂ ਹੇਠ ਅਧੀਨ ਹੋ ਗਏ।
43 ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ,
ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ ਰਹੇ,
ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ।
44 ਜਾਂ ਉਹ ਨੇ ਉਨ੍ਹਾਂ ਦੀ ਫ਼ਰਿਆਦ ਸੁਣੀ,
ਤਾਂ ਉਹ ਨੇ ਉਨ੍ਹਾਂ ਦੇ ਦੁੱਖ ਨੂੰ ਵੇਖਿਆ।
45 ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ,
ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ।
46 ਉਨ੍ਹਾਂ ਨੂੰ ਬੰਦੀ ਬਣਾਉਣ ਵਾਲਿਆਂ ਦੇ ਅੱਗੇ ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ।
47 ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਬਚਾ ਲੈ!
ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠੇ ਕਰ,
ਕਿ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ,
ਅਤੇ ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ!
48 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ
ਆਦ ਤੋਂ ਅੰਤ ਤੱਕ ਮੁਬਾਰਕ ਹੋਵੇ!
ਹੇ ਸਾਰੀ ਪਰਜਾ, ਆਖ “ਆਮੀਨ!”
ਹਲਲੂਯਾਹ!।