98
ਪਰਮੇਸ਼ੁਰ ਦੀ ਸੱਚਾਈ ਦੇ ਲਈ ਉਸਤਤ ਦਾ ਗੀਤ
ਭਜਨ
1 ਯਹੋਵਾਹ ਲਈ ਇੱਕ ਨਵਾਂ ਗੀਤ ਗਾਓ,
ਕਿਉਂ ਜੋ ਉਹ ਨੇ ਅਚਰਜ਼ ਕੰਮ ਕੀਤੇ ਹਨ,
ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ।
2 ਯਹੋਵਾਹ ਨੇ ਆਪਣੀ ਫ਼ਤਹ ਪਰਗਟ ਕੀਤੀ ਹੈ,
ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ।
3 ਉਹ ਨੇ ਆਪਣੀ ਦਯਾ
ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ,
ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ।
4 ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ,
ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ,
5 ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ,
ਰਸੀਲੇ ਸੁਰ ਨਾਲ ਬਰਬਤ ਵਜਾ ਕੇ
6 ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ।
7 ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ,
ਜਗਤ ਅਤੇ ਉਹ ਦੇ ਵਾਸੀ ਵੀ।
8 ਨਦੀਆਂ ਤਾਲ ਦੇਣ,
ਪਰਬਤ ਰਲ ਕੇ ਜੈ ਜੈ ਕਾਰ ਕਰਨ,
9 ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ,
ਉਹ ਜਗਤ ਦਾ ਧਰਮ ਨਾਲ
ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ।