ਨਹਮਯਾਹ
ਲੇਖਕ
ਯਹੂਦੀ ਪਰੰਪਰਾ ਖੁਦ ਨਹਮਯਾਹ ਨੂੰ ਇਸ ਇਤਿਹਾਸਕ ਪੁਸਤਕ ਦੇ ਮੁੱਖ ਲੇਖਕ ਦੇ ਰੂਪ ਵਿੱਚ ਦਰਸਾਉਂਦੀ ਹੈ। ਪੁਸਤਕ ਦਾ ਜ਼ਿਆਦਾਤਰ ਹਿੱਸਾ ਉਸ ਦੇ ਪਹਿਲੇ ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਉਸ ਦੇ ਬਚਪਨ ਅਤੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ, ਅਸੀਂ ਉਸ ਨੂੰ ਇੱਕ ਬਾਲਗ ਵਿਅਕਤੀ ਦੇ ਰੂਪ ਵਿੱਚ ਰਾਜਾ ਅਰਤਹਸਸਤਾ ਦੇ ਮਹਿਲ ਵਿੱਚ ਮਿਲਦੇ ਹਾਂ ਅਤੇ ਉਸ ਨੂੰ ਰਾਜੇ ਦੇ ਵਿਅਕਤੀਗਤ ਸਾਕੀ ਦੇ ਰੂਪ ਵਿੱਚ ਕੰਮ ਕਰਦੇ ਹੋਏ ਵੇਖਦੇ ਹਾਂ (ਨਹਮਯਾਹ 1:11-2:1)। ਨਹਮਯਾਹ ਦੀ ਪੁਸਤਕ ਨੂੰ ਅਸੀਂ ਅਜਰਾ ਦੀ ਪੁਸਤਕ ਦੀ ਅਗਲੀ ਕੜੀ ਦੇ ਰੂਪ ਵਿੱਚ ਪੜ੍ਹ ਸਕਦੇ ਹਾਂ, ਅਤੇ ਕੁਝ ਵਿਦਵਾਨ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਦੋਵੇਂ ਪੁਸਤਕਾਂ ਅਸਲ ਰੂਪ ਵਿੱਚ ਇੱਕ ਸਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਸ ਪੁਸਤਕ ਲਗਭਗ 457-400 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਪੁਸਤਕ ਫ਼ਾਰਸੀ ਸ਼ਾਸਨ ਦੇ ਦੌਰਾਨ, ਬਾਬਲ ਦੀ ਗੁਲਾਮੀ ਦੀ ਵਾਪਸੀ ਤੋਂ ਬਾਅਦ ਯਹੂਦਾਹ ਵਿੱਚ ਲਿਖੀ ਗਈ, ਲਿਖਣ ਦਾ ਕੰਮ ਸ਼ਾਇਦ ਯਰੂਸ਼ਲਮ ਦੇ ਖੇਤਰ ਵਿੱਚ ਕੀਤਾ ਗਿਆ।
ਪ੍ਰਾਪਤ ਕਰਤਾ
ਨਹਮਯਾਹ ਦੀ ਪੁਸਤਕ ਦੀ ਪ੍ਰਾਪਤ ਕਰਤਾ ਇਸਰਾਏਲੀ ਲੋਕਾਂ ਦੀ ਉਹ ਪੀੜ੍ਹੀ ਸੀ ਜੋ ਬਾਬਲ ਦੀ ਗੁਲਾਮੀ ਤੋਂ ਵਾਪਸ ਆਈ ਸੀ।
ਉਦੇਸ਼
ਲੇਖਕ ਸਾਫ਼ ਤੌਰ ਤੇ ਚਾਹੁੰਦਾ ਹੈ ਕਿ ਉਸ ਦੇ ਪਾਠਕ ਪਰਮੇਸ਼ੁਰ ਦੀ ਉਸ ਸ਼ਕਤੀ ਅਤੇ ਪਿਆਰ ਨੂੰ ਜਾਣ ਲੈਣ ਜੋ ਉਸ ਦੇ ਚੁਣੇ ਹੋਏ ਲੋਕਾਂ ਦੇ ਪ੍ਰਤੀ ਹੈ, ਅਤੇ ਪਰਮੇਸ਼ੁਰ ਦੇ ਨੇਮ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝ ਲੈਣ। ਪਰਮੇਸ਼ੁਰ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ। ਉਹ ਲੋਕਾਂ ਦੇ ਜੀਵਨਾਂ ਵਿੱਚ ਦਿਲਚਸਪੀ ਲੈਂਦਾ ਹੈ, ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਉਨ੍ਹਾਂ ਨੂੰ ਜੋ ਵੀ ਲੋੜ ਹੁੰਦੀ ਹੈ, ਉਸ ਲੋੜ ਨੂੰ ਪੂਰਾ ਕਰਦਾ ਹੈ। ਜ਼ਰੂਰੀ ਹੈ ਕਿ ਲੋਕ ਇਕੱਠੇ ਕੰਮ ਕਰਨ ਅਤੇ ਆਪਣੇ ਸਾਧਨਾਂ ਨੂੰ ਵੰਡਣ। ਪਰਮੇਸ਼ੁਰ ਦੇ ਪਿੱਛੇ ਚੱਲਣ ਵਾਲਿਆਂ ਦੇ ਅੰਦਰ ਸੁਆਰਥ ਲਈ ਕੋਈ ਥਾਂ ਨਹੀਂ ਹੈ। ਨਹਮਯਾਹ ਅਮੀਰ ਅਤੇ ਪ੍ਰਤਿਸ਼ਠਿਤ ਲੋਕਾਂ ਨੂੰ ਯਾਦ ਕਰਾਉਂਦਾ ਹੈ ਕਿ ਉਹ ਗਰੀਬ ਲੋਕਾਂ ਦਾ ਫਾਇਦਾ ਨਾ ਚੁੱਕਣ।
ਵਿਸ਼ਾ-ਵਸਤੂ
ਦੁਬਾਰਾ ਬਣਾਉਣਾ
ਰੂਪ-ਰੇਖਾ
1. ਰਾਜਪਾਲ ਦੇ ਤੌਰ ਤੇ ਨਹਮਯਾਹ ਦਾ ਪਹਿਲਾ ਕਾਰਜਕਾਲ — 1:1-12:47
2. ਰਾਜਪਾਲ ਦੇ ਤੌਰ ਤੇ ਨਹਮਯਾਹ ਦਾ ਦੂਸਰਾ ਕਾਰਜਕਾਲ — 13:1-31
1
ਯਰੂਸ਼ਲਮ ਦੇ ਲਈ ਨਹਮਯਾਹ ਦੀ ਚਿੰਤਾ
1 ਹਕਲਯਾਹ ਦੇ ਪੁੱਤਰ ਨਹਮਯਾਹ ਦੇ ਬਚਨ। ਇਸ ਤਰ੍ਹਾਂ ਹੋਇਆ ਕਿ ਵੀਹਵੇਂ ਸਾਲ ਦੇ ਕਿਸਲੇਵ ਮਹੀਨੇ ਵਿੱਚ, ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ, 2 ਤਦ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਆਏ ਹੋਏ ਕਈ ਮਨੁੱਖ ਮੇਰੇ ਕੋਲ ਆਏ, ਤਾਂ ਮੈਂ ਉਹਨਾਂ ਤੋਂ ਉਨ੍ਹਾਂ ਬਚੇ ਹੋਏ ਯਹੂਦੀਆਂ ਦੇ ਬਾਰੇ ਜੋ ਗ਼ੁਲਾਮੀ ਤੋਂ ਛੁੱਟ ਗਏ ਸਨ, ਅਤੇ ਯਰੂਸ਼ਲਮ ਦੇ ਬਾਰੇ ਪੁੱਛਿਆ। 3 ਤਦ ਉਹਨਾਂ ਨੇ ਮੈਨੂੰ ਕਿਹਾ, “ਉਹ ਬਚੇ ਹੋਏ ਲੋਕ ਜਿਹੜੇ ਗ਼ੁਲਾਮੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਹਨ, ਉਹ ਬਹੁਤ ਦੁਰਦਸ਼ਾ ਵਿੱਚ ਹਨ ਅਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ, ਕਿਉਂਕਿ ਯਰੂਸ਼ਲਮ ਦੀ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ।” 4 ਇਹ ਗੱਲਾਂ ਸੁਣਦੇ ਹੀ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੱਕ ਵਿਰਲਾਪ ਕਰਦਾ ਰਿਹਾ ਅਤੇ ਸਵਰਗ ਦੇ ਪਰਮੇਸ਼ੁਰ ਦੇ ਸਨਮੁਖ ਵਰਤ ਰੱਖਿਆ ਅਤੇ ਇਹ ਆਖ ਕੇ ਪ੍ਰਾਰਥਨਾ ਕੀਤੀ, 5 “ਹੇ ਸਵਰਗ ਦੇ ਪਰਮੇਸ਼ੁਰ ਯਹੋਵਾਹ, ਹੇ ਮਹਾਨ ਅਤੇ ਭੈਅ ਯੋਗ ਪਰਮੇਸ਼ੁਰ! ਤੂੰ ਜੋ ਆਪਣੇ ਪ੍ਰੇਮੀਆਂ ਅਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਆਪਣੇ ਨੇਮ ਦੀ ਪਾਲਨਾ ਕਰਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ ਕਰਦਾ ਹੈਂ, 6 ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ। ਮੈਂ ਇਸਰਾਏਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ। ਹਾਂ, ਮੈਂ ਅਤੇ ਮੇਰੇ ਪੁਰਖਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ। 7 ਅਸੀਂ ਤੇਰੇ ਵਿਰੁੱਧ ਬਹੁਤ ਬੁਰਿਆਈ ਕੀਤੀ ਹੈ, ਅਤੇ ਅਸੀਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਯਮਾਂ ਨੂੰ ਜਿਹੜੇ ਤੂੰ ਆਪਣੇ ਦਾਸ ਮੂਸਾ ਨੂੰ ਦਿੱਤੇ ਸਨ, ਨਹੀਂ ਮੰਨਿਆ। 8 ਉਸ ਬਚਨ ਨੂੰ ਯਾਦ ਕਰ, ਜਿਸ ਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ‘ਜੇ ਤੁਸੀਂ ਧੋਖਾ ਕਰੋਗੇ ਤਾਂ ਮੈਂ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦਿਆਂਗਾ, 9 ਪਰ ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਨ੍ਹਾਂ ਦੀ ਪਾਲਨਾ ਕਰੋ, ਤੁਹਾਡੇ ਵਿੱਚੋਂ ਕੱਢੇ ਹੋਏ ਲੋਕ ਆਕਾਸ਼ ਦੇ ਆਖਰੀ ਸਿਰੇ ਤੇ ਹੋਣ, ਤਾਂ ਵੀ ਮੈਂ ਉੱਥੋਂ ਉਹਨਾਂ ਨੂੰ ਇਕੱਠੇ ਕਰ ਕੇ ਉਸ ਸਥਾਨ ਵਿੱਚ ਲਿਆਵਾਂਗਾ, ਜਿਹੜਾ ਮੈਂ ਆਪਣਾ ਨਾਮ ਵਸਾਉਣ ਲਈ ਚੁਣ ਲਿਆ ਹੈ’ 10 ਹੁਣ ਉਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਵੱਡੇ ਬਲ ਅਤੇ ਤਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ। 11 ਹੇ ਪਰਮੇਸ਼ੁਰ ਮੇਰੀ ਬੇਨਤੀ ਹੈ ਕਿ ਤੂੰ ਆਪਣੇ ਦਾਸ ਦੀ ਪ੍ਰਾਰਥਨਾ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਦਾਸਾਂ ਦੀ ਪ੍ਰਾਰਥਨਾ ਵੱਲ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ, ਅਤੇ ਅੱਜ ਤੂੰ ਆਪਣੇ ਦਾਸ ਨੂੰ ਸਫ਼ਲ ਕਰ ਅਤੇ ਉਸ ਮਨੁੱਖ ਦੇ ਅੱਗੇ ਮੈਨੂੰ ਦਯਾ ਦਾ ਭਾਗੀ ਬਣਾ।” ਮੈਂ ਤਾਂ ਰਾਜਾ ਦਾ ਸਾਕੀ ਸੀ।